ਨਵੀਂ ਦਿੱਲੀ, 8 ਮਾਰਚ (ਚੜ੍ਹਦੀਕਲਾ ਨਿਊਜ਼ ਸਰਵਿਸ): ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਜਨਤਾ ਦਲ ਨੇ ਅੱਜ ਕਿਹਾ ਕਿ ਜੇਕਰ ਮਹਿਲਾ ਰਾਖਵਾਂਕਰਨ ਬਿੱਲ ਨੂੰ ਮੌਜੂਦਾ ਰੂਪ ਵਿਚ ਪਾਸ ਕਰਵਾਇਆ ਗਿਆ ਤਾਂ ਉਹ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲੈਣਗੇ। ਸਪਾ ਮੁਖੀ ਮੁਲਾਇਮ ਸਿੰਘ ਯਾਦਵ ਅਤੇ ਰਾਜਦ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਇਥੇ ਸੰਸਦ ਭਵਨ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਮਹਿਲਾ ਰਾਖਵਾਂਕਰਨ ਬਿੱਲ ਨੂੰ ਉਸਦੇ ਰੂਪ ਵਿਚ ਪਾਸ ਕਰਵਾਇਆ ਗਿਆ ਤਾਂ ਉਹ ਸਰਕਾਰ ਨੂੰ ਸਮਰਥਨ ਦੇਣਾ ਜਾਰੀ ਨਹੀਂ ਰੱਖਣਗੇ। ਇਹ ਪੁੱਛੇ ਜਾਣ 'ਤੇ ਕਿ ਕੀ ਜੇਕਰ ਬਿੱਲ ਮੌਜੂਦਾ ਰੂਪ ਪਾਸ ਹੋ ਗਿਆ ਤਾਂ ਉਨ੍ਹਾਂ ਕਿਹਾ ਕਿ ਸਮਝ ਲਵੋ ਸਮਰਥਨ ਵੀ ਵਾਪਸ ਹੋ ਗਿਆ। ਲਾਲੂ ਨੇ ਕਿਹਾ ਕਿ ਇਹ ਸਿਆਸੀ ਡਕੈਤੀ ਅਤੇ ਲੋਕਤੰਤਰੀ ਤਾਨਾਸ਼ਾਹੀ ਹੈ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਸਮਰਥਨ ਵਾਪਸ ਲਵਾਂਗੇ। ਇਨ੍ਹਾਂ ਦੋਵਾਂ ਆਗੂਆਂ ਨੇ ਹਾਲਾਂਕਿ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ 'ਤੇ ਪ੍ਰਹੇਜ਼ ਕੀਤਾ ਕਿ ਸਰਕਾਰ ਤੋਂ ਸਮਰਥਨ ਲੈਣ ਬਾਰੇ ਦੋਵਾਂ ਪਾਰਟੀਆਂ ਵਲੋਂ ਰਾਸ਼ਟਰਪਤੀ ਨੂੰ ਚਿੱਠੀ ਭੇਜ ਦਿੱਤੀ ਗਈ ਹੈ ਜਾਂ ਨਹੀਂ। ਦੋਵਾਂ ਆਗੂਆਂ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਮਿਲ ਕੇ ਮੁਸਲਮਾਨਾਂ, ਆਦਿ ਵਾਸੀਆਂ ਅਤੇ ਹੋਰ ਪਛੜੇ ਵਰਗ ਦੇ ਲੋਕਾਂ ਨੂੰ ਸੰਸਦ ਅਤੇ ਵਿਧਾਨ ਸਭਾਵਾਂ ਤੋਂ ਬਾਹਰ ਰੱਖਣ ਦੀ ਸਾਜਿਸ਼ ਰਚ ਰਹੇ ਹਨ। ਲਾਲੂ ਨੇ ਕਿਹਾ ਕਿ ਕਾਂਗਰਸ ਘੱਟ ਗਿਣਤੀਆਂ ਦੇ ਦਮ 'ਤੇ ਸੱਤਾ ਵਿਚ ਆਈ ਅਤੇ ਹੁਣ ਉਨ੍ਹਾਂ ਨਾਲ ਹੀ ਧੋਖਾ ਕਰ ਰਹੀ ਹੈ। ਲੋਕ ਸਭਾ ਵਿਚ ਸਪਾ ਦੇ 21 ਅਤੇ ਰਾਜਦ ਦੇ 4 ਮੈਂਬਰ ਹਨ।

ਸਪਾ ਤੇ ਰਾਜਦ ਵੱਲੋਂ ਸਮਰਥਨ ਵਾਪਸੀ ਦਾ ਐਲਾਨ



