ਨਵੀਂ ਦਿੱਲੀ, 8 ਮਾਰਚ (ਚੜ੍ਹਦੀਕਲਾ ਨਿਊਜ਼ ਸਰਵਿਸ)- ਅੱਜ ਕੌਮਾਂਤਰੀ ਮਹਿਲਾ ਦਿਵਸ ਉਤੇ ਮਹਿਲਾਵਾਂ ਨੂੰ ਰਾਖਵਾਂਕਰਨ ਦਾ ਤੋਹਫਾ ਨਹੀਂ ਮਿਲ ਸਕਿਆ
। ਸਦਨ ਦੇ ਅੰਦਰ ਅਤੇ ਬਾਹਰ ਵਿਰੋਧੀਆਂ ਦੇ ਭਾਰੀ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਲਗਾਤਾਰ ਪੰਜ ਵਾਰੀ ਮੁਲਤਵੀ ਕਰਨੀ ਪਈ। ਬਿੱਲ ਪੇਸ਼ ਹੋਣ ਦੇ ਬਾਵਜੂਦ ਆਖਿਰਕਾਰ ਸਰਕਾਰ ਨੂੰ ਵਿਰੋਧੀਆਂ ਦੇ ਅੱਗੇ ਝੁਕਦੇ ਹੋਏ ਆਪਣੇ ਪੈਰ ਪਿੱਛੇ ਖਿੱਚਣੇ ਪਏ। ਮਹਿਲਾ ਰਾਖਵਾਂਕਰਨ ਬਿੱਲ 'ਤੇ ਅੱਜ ਵੋਟਿੰਗ ਨਹੀਂ ਕਰਵਾਈ ਗਈ।ਇਸ ਤੋਂ ਪਹਿਲਾਂ ਮਹਿਲਾ ਰਾਖਵਾਂਕਰਨ ਬਿੱਲ ਨੂੰ ਅੱਜ ਭਾਰੀ ਹੰਗਾਮੇ ਵਿਚਾਲੇ ਚਰਚਾ ਲਈ ਰਾਜ ਸਭਾ ਵਿਚ ਪੇਸ਼ ਕੀਤਾ ਗਿਆ। ਹਾਲਾਂਕਿ ਇਸ ਬਿੱਲ ਦੇ ਵਿਰੋਧ ਕਰ ਰਹੇ ਮੈਂਬਰਾਂ ਨੇ ਬਿੱਲ 'ਤੇ ਚਰਚਾ ਸ਼ੁਰੂ ਨਹੀਂ ਹੋਣ ਦਿੱਤੀ ਅਤੇ ਰਾਜ ਸਭਾ ਚੇਅਰਮੈਨ ਹਾਮਿਦ ਅੰਸਾਰੀ ਦੀ ਸੀਟ ਤੱਕ ਜਾ ਕੇ ਉਨ੍ਹਾਂ ਦੇ ਹੱਥਾਂ ਤੋਂ ਇਸ ਬਿੱਲ ਦੀਆਂ ਕਾਪੀਆਂ ਖੋਹਣ ਦੀ ਕੋਸ਼ਿਸ਼ ਕੀਤੀ। ਕਾਨੂੰਨ ਮੰਤਰੀ ਵੀਰੱਪਾ ਮੋਈਲੀ ਨੇ ਜਿਵੇਂ ਹੀ ਮਹਿਲਾ ਰਾਖਵਾਂ ਬਿੇੱਲ ਨੂੰ ਸਦਨ ਵਿਚ ਰੱਖਿਆ ਤਾਂ ਬਿੱਲ ਦਾ ਵਿਰੋਧ ਕਰ ਰਹੇ ਰਾਸ਼ਟਰੀ ਜਨਤਾ ਦਲ ਯੂਨਾਈਟਿਡ ਅਤੇ ਸਮਾਜਵਾਦੀ ਪਾਰਟੀ ਦੇ ਸਾਂਸਦ ਰਾਜ ਸਭਾ ਦੇ ਚੇਅਰਮੈਨ ਹਾਮਿਦ ਅੰਸਾਰੀ ਦੀ ਸੀਟ ਤੱਕ ਪਹੁੰਚ ਗਏ। ਰਾਜਦ ਸਾਂਸਦ ਸੁਭਾਸ਼ ਯਾਦਵ ਤੇ ਰਾਜਨੀਤੀ ਸਿੰਘ ਅਤੇ ਸਭਾ ਸਾਂਸਦ ਕਮਾਲ ਅਖ਼ਤਰ ਨੇ ਹਾਮਿਦ ਅੰਸਾਰੀ ਤੋਂ ਬਿੱਲ ਦੀਆਂ ਕਾਪੀਆਂ ਖੋਹ ਕੇ ਫਾੜ ਦਿੱਤੀਆਂ ਤੇ ਉਨ੍ਹਾਂ ਨੂੰ ਹਵਾ ਵਿਚ ਉਛਾਲ ਦਿੱਤਾ ਤੇ ਭਾਰੀ ਸ਼ੋਰ-ਸ਼ਰਾਬਾ ਕੀਤਾ, ਜਿਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਤਿੰਨ ਵਜੇ ਤੱਕ ਮੁਲਤਵੀ ਕਰਨੀ ਪਈ। ਸੰਸਦ ਦੇ ਇਤਿਹਾਸ ਵਿਚ ਇਹ ਪਹਿਲੀ ਸ਼ਰਮਨਾਕ ਘਟਨਾ ਹੈ। ਤਿੰਨ ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਵੀ ਹੰਗਾਮੇ ਦੀ ਸਥਿਤੀ ਜਾਰੀ ਰਹੀ, ਜਿਸ ਤੋਂ ਬਾਅਦ ਕਾਰਵਾਈ ਫਿਰ ਤੋਂ 4 ਵਜੇ ਤੱਕ ਮੁਲਤਵੀ ਕਰਨੀ ਪਈ। 4 ਵਜੇ ਵੀ ਹੰਗਾਮਾ ਜਾਰੀ ਰਹੀ ਤੇ ਕਾਰਵਾਈ ਨੂੰ ਸ਼ਾਮ 6 ਵਜੇ ਤੱਕ ਮੁਲਤਵੀ ਕਰਨਾ ਪਿਆ। ਇਸ ਦੌਰਾਨ ਇਸ ਬਿੱਲ 'ਤੇ ਅੱਜ ਸ਼ਾਮ 6 ਵਜੇ ਜੋ ਵੋਟਿੰਗ ਕਰਾਉਣੀ ਸੀ ਉਹ ਮੁਲਤਵੀ ਕਰ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਇਸ ਮਾਮਲੇ 'ਤੇ ਆਮ ਸਹਿਮਤੀ ਲਈ ਸਰਵ ਸਾਂਝੀ ਮੀਟਿੰਗ ਸੱਦੀ ਹੈ। ਜ਼ਿਕਰਯੋਗ ਹੈ ਕਿ ਅੱਜ ਕੌਮਾਂਤਰੀ ਮਹਿਲਾ ਦਿਵਸ ਉਤੇ ਸੰਸਦ ਵਿਚ ਮਹਿਲਾਵਾਂ ਲਈ 33 ਫੀਸਦੀ ਰਾਖਵਾਂਕਰਨ ਦਾ ਬਿੱਲ ਪੇਸ਼ ਕੀਤਾ ਜਾਣਾ ਸੀ। ਇਹ ਬਿੱਲ ਪਿਛਲੇ 14 ਸਾਲਾਂ ਤੋਂ ਲਟਕ ਰਿਹਾ ਹੈ ਤੇ 3 ਵਾਰ ਸੰਸਦ ਵਿਚ ਪੇਸ਼ ਕੀਤਾ ਜਾ ਚੁੱਕਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਮਹਿਲਾ ਰਾਖਵਾਂਕਰਨ ਬਿੱਲ ਨੂੰ ਉਚ ਸਦਨ ਵਿਚ ਮਨਜੂਰੀ ਮਿਲਣਾ ਲਗਭਗ ਤੈਅ ਹੈ, ਕਿਉਂਕਿ ਕਾਂਗਰਸ, ਭਾਜਪਾ, ਖੱਬੇ ਪੱਖੀ ਦਲਾਂ ਤੋਂ ਇਲਾਵਾ ਹੋਰ ਛੋਟੇ ਦਲ ਜਿਵੇਂ ਕਿ ਸ਼੍ਰੋੋਮਣੀ ਅਕਾਲੀ ਦਲ, ਤੇਦੇਪਾ, ਦ੍ਰਮੁੱਕ, ਅੰਨਾਦ੍ਰਮੁਕ ਅਤੇ ਨੈਸ਼ਨਲ ਕਾਨਫਰੰਸ ਨੇ ਇਸ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।

ਭਾਰੀ ਰੌਲੇ-ਰੱਪੇ ਦੀ ਭੇਟ ਚੜ੍ਹਿਆ ਮਹਿਲਾ ਰਾਖਵਾਂਕਰਨ ਬਿੱਲ



