ਹੈਦਰਾਬਾਦ, 9 ਮਾਰਚ (ਚੜ੍ਹਦੀਕਲਾ ਨਿਊਜ਼ ਸਰਵਿਸ): ਤੇਲੰਗਾਨਾ ਸੂਬੇ ਦੇ ਗਠਨ ਵਿਚ ਹੋ ਰਹੀ ਦੇਰੀ ਤੋਂ ਨਿਰਾਸ਼ ਉਸਮਾਨੀਆ ਯੂਨੀਵਰਸਿਟੀ ਦੇ ਇਕ ਹੋਰ ਵਿਦਿਆਰਥੀ ਨੇ ਅੱਜ ਆਤਮਹੱਤਿਆ ਕਰ ਲਈ। ਬੀ.ਟੈੱਕ ਦੂਜੇ ਸਾਲ ਦੇ ਵਿਦਿਆਰਥੀ ਸਾਈ ਕੁਮਾਰ ਨੇ ਆਪਣੇ ਹੋਸਟਲ ਦੇ ਕਮਰੇ ਦੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਨੇ ਆਪਣੇ ਆਤਮਹੱਤਿਆ ਨੋਟ ਵਿਚ ਲਿਖਿਆ ਹੈ ਕਿ ਉਹ ਤੇਲੰਗਾਨਾ ਸੂਬੇ ਦੇ ਗਠਨ ਵਿਚ ਹੋ ਰਹੀ ਦੇਰੀ ਤੋਂ ਨਿਰਾਸ਼ ਹੈ ਜਿਸ ਕਾਰਨ ਉਸ ਨੇ ਇਹ ਫ਼ੈਸਲਾ ਲਿਆ ਹੈ। ਪੁਲਿਸ ਅਨੁਸਾਰ ਸਾਈ ਕੁਮਾਰ ਦੇ ਸਾਥੀਆਂ ਨੇ ਉਸ ਨੂੰ ਪੱਖੇ ਨਾਲ ਲਟਕਦੇ ਦੇਖਿਆ। ਨਾਲਗੌਂਡਾ ਜ਼ਿਲ੍ਹੇ ਨਾਲ ਸਬੰਧਤ ਸਾਈ ਕੁਮਾਰ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਨਾਲ ਯੂਨੀਵਰਸਿਟੀ ਵਿਚ ਮੁੜ ਤਣਾਅ ਵਾਲੀ ਸਥਿਤੀ ਪੈਦਾ ਹੋ ਗਈ ਹੈ। ਉਸਮਾਨੀਆ ਯੂਨੀਵਰਸਿਟੀ ਨੂੰ ਤੇਲੰਗਾਨਾ ਲਹਿਰ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦਾ ਇਕੱਠ ਹੋ ਗਿਆ ਜਿਨ੍ਹਾਂ ਨੇ 'ਜੈ ਤੇਲੰਗਾਨਾ' ਦੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਤਣਾਅਪੂਰਨ ਸਥਿਤੀ ਨੂੰ ਦੇਖਦਿਆਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 20 ਫਰਵਰੀ ਨੂੰ 12ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਉਸਮਾਨੀਆ ਯੂਨੀਵਰਸਿਟੀ ਦੇ ਇਕ ਮੁੱਖ ਗੇਟ 'ਤੇ ਤੇਲੰਗਾਨਾ ਦੇ ਮੁੱਦੇ 'ਤੇ ਖੁਦ ਨੂੰ ਅੱਗ ਲਗਾ ਕੇ ਆਤਮਹੱਤਿਆ ਕਰ ਲਈ ਸੀ।

ਤੇਲੰਗਾਨਾ ਮੁੱਦੇ 'ਤੇ ਇਕ ਹੋਰ ਵਿਦਿਆਰਥੀ ਵੱਲੋਂ ਆਤਮਹੱਤਿਆ



