ਚੰਡੀਗੜ੍ਹ, 9 ਮਾਰਚ (ਦਵਿੰਦਰ ਸਿੰਘ ਕੋਹਲੀ/ਕਮਲਾ ਸ਼ਰਮਾ)-ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਸਦਨ ਵਿੱਚ ਸਿਫ਼ਰਕਾਲ ਦੌਰਾਨ ਵਿਧਾਨ ਸਭਾ ਸਪੀਕਰ ਹਰਮੋਹਿੰਦਰ ਸਿੰਘ ਚੱਠਾ ਨੂੰ ਅਪੀਲ ਕੀਤੀ ਕਿ ਉਹ ਸਦਨ ਵਿੱਚ ਕੱਲ੍ਹ ਬਰਖ਼ਾਸਤ 35 ਮੈਂਬਰਾਂ ਨੂੰ ਵਾਪਸ ਬੁਲਾਉਣ। ਉਹਨਾਂ ਕਿਹਾ ਕਿ ਇਹ ਉਹਨਾਂ ਦੀ ਗੱਲ ਅਤੇ ਆਲੋਚਨਾ ਸੁਣਨਾ ਚਾਹੁੰਦੇ ਹਨ। ਬਸ਼ਰਤੇ ਉਹ ਮਰਿਆਦਾ ਵਿੱਚ ਰਹਿਣ। ਉਹਨਾਂ ਕਿਹਾ ਕਿ ਵਿਰੋਧੀ ਧਿਰ ਪ੍ਰਜਾਤੰਤਰਿਕ ਪ੍ਰਣਾਲੀ ਦਾ ਹਿੱਸਾ ਹੈ ਇਸ ਲਈ ਕਾਂਗਰਸ ਨਹੀਂ ਚਾਹੁੰਦੀ ਕਿ ਵਿਰੋਧੀ ਧਿਰ ਸਦਨ ਤੋਂ ਗੈਰ-ਹਾਜ਼ਰ ਰਹੇ। ਉਹਨਾਂ ਕਿਹਾ ਕਿ ਵਿਰੋਧੀ ਨੂੰ ਸਦਨ ਦੇ ਸ਼ੋਰ-ਸ਼ਰਾਬੇ ਕਰਨ ਦੀ ਤੁਲਨਾ ਤੱਥਾਂ 'ਤੇ ਆਧਾਰਿਤ ਗੱਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਦਨ ਵਿੱਚ ਵਾਪਸ ਆਉਣ 'ਤੇ ਹੀ ਉਹਨਾਂ ਦਾ ਮੁਅੱਤਲੀ ਵੀ ਰੱਦ ਕਰ ਸਕਦੀ ਹੈ। ਵਿਧਾਨ ਸਭਾ ਸਪੀਕਰ ਮੋਹਿੰਦਰ ਸਿੰਘ ਚੱਠਾ ਨੇ ਸਦਨ ਦੀਆਂ ਭਾਵਨਾਵਾਂ ਪ੍ਰਗਟਾਉਂਦੇ ਹੋਏ ਸਦਨ ਵਿੱਚ ਮੌਜੂਦ ਇੱਕ ਮਾਤਰ ਵਿਰੋਧੀ ਧਿਰ ਦੀ ਮੈਂਬਰ ਸ੍ਰੀਮਤੀ ਕਵਿਤਾ ਜੈਨ ਨੂੰ ਵਿਰੋਧੀ ਧਿਰ ਮੈਂਬਰਾਂ ਨੂੰ ਬੁਲਾਉਣ ਲਈ ਭੇਜ ਦਿੱਤਾ। ਉਧਰ ਅੱਜ ਸਵੇਰੇ ਸਦਨ ਤੋਂ ਕੱਲ੍ਹ ਮੁਅੱਤਲ ਕੀਤੇ ਗਏ 35 ਵਿਧਾਇਕਾਂ ਨੇ ਵਿਰੋਧੀ ਧਿਰ ਦੇ ਨੇਤਾ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਵਿੱਚ ਹਰਿਆਣਾ ਦੇ ਰਾਜਪਾਲ ਜਗਨ ਨਾਥ ਪਹਾੜੀਆ ਨੂੰ ਮਿਲ ਕੇ ਉਹਨਾਂ ਦੱਸਿਆ ਕਿ ਕੱਲ੍ਹ ਹਰਿਆਣਾ ਵਿਧਾਨ ਸਭਾ ਵਿੱਚ ਪ੍ਰਜਾਤੰਤਰਿਕ ਮਰਿਆਦਾ ਦਾ ਉਲੰਘਣ ਕੀਤਾ ਗਿਆ ਹੈ। ਉਹਨਾਂ ਮੁਅੱਤਲੀ ਰੱਦ ਕਰਨ ਦੀ ਮੰਗ ਕੀਤੀ। ਸ੍ਰੀ ਚੌਟਾਲਾ ਅਨੁਸਾਰ ਸ੍ਰੀ ਪਹਾੜੀਆ ਨੇ ਉਹਨਾਂ ਦੀ ਗੱਲ ਧਿਆਨਪੂਰਵਕ ਸੁਣੀ ਹੈ। ਉਹਨਾਂ ਕਿਹਾ ਕਿ ਉਹ ਹੁਣ ਰਾਜਪਾਲ ਦੇ ਫੈਸਲੇ ਦਾ ਇੰਤਜ਼ਾਰ ਕਰਨਗੇ। ਇਸ ਤੋਂ ਬਾਅਦ 15 ਮਾਰਚ ਨੂੰ ਚੰਡੀਗੜ੍ਹ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੀ ਕਾਰਜਕਾਰਨੀ ਦੀ ਬੈਠਕ ਹੋਵੇਗੀ, ਜਿਸ ਵਿੱਚ ਉਹ ਆਪਣੇ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰਨਗੇ। ਉਹਨਾਂ ਨੇ ਸਪੱਸ਼ਟ ਕਿਹਾ ਕਿ ਉਹ ਸਦਨ ਵਿੱਚ ਵਾਪਸ ਆਉਣ ਲਈ ਅਪੀਲ ਨਹੀਂ ਕਰਨਗੇ।

ਹੁਡਾ ਨੇ ਵਿਰੋਧੀ ਧਿਰ ਦੇ 35 ਮੈਂਬਰਾਂ ਨੂੰ ਸਦਨ 'ਚ ਵਾਪਸ ਸੱਦਿਆ



