ਨਵੀਂ ਦਿੱਲੀ, 9 ਮਾਰਚ (ਚ.ਨ.ਸ.)-ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਅੱਜ ਫਿਰ ਤੋਂ ਰਾਜ ਸਭਾ ਵਿਚ ਭਾਰੀ ਸ਼ੋਰ ਸ਼ਰਾਬਾ ਹੋਇਆ। ਜਿਸ ਕਾਰਨ ਕਾਰਵਾਈ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰਨੀ ਪਈ। ਇਸ ਦੌਰਾਨ ਰਾਜ ਸਭਾ ਵਿਚ ਸ਼ੋਰ-ਸ਼ਰਾਬਾ ਪਾਉਣ ਵਾਲੇ 7 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ । ਮੁਅੱਤਲ ਕੀਤੇ ਗਏ ਸਾਂਸਦਾਂ ਵਿਚ 4 ਸਾਂਸਦ ਸਪਾ ਦੇ ਹਨ ਜਦੋਂ ਕਿ ਰਾਜਦ, ਜਦਯੂ ਅਤੇ ਲੋਜਪਾ ਦੇ ਇਕ-ਇਕ ਸਾਂਸਦ ਨੂੰ ਮੁਅੱਤਲ ਕੀਤਾ ਗਿਆ ਹੈ। ਰਾਜ ਸਭਾ ਦੇ ਇਨ੍ਹਾਂ ਸੱਤ ਸਾਂਸਦਾਂ ਨੂੰ ਪੂਰੇ ਬਜਟ ਸੈਸ਼ਨ ਲਈ ਸਦਨ ਤੋਂ ਮੁਅੱਤਲ ਕੀਤਾ ਗਿਆ ਹੈ। ਸਾਂਸਦਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਚੇਅਰਮੈਨ ਹਾਮਿਦ ਅੰਸਾਰੀ ਨੇ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਜ਼ਿਕਰਯੋਗ ਹੈ ਕਿ ਕੱਲ੍ਹ ਰਾਜਦ, ਸਭਾ, ਲੋਜਪਾ ਅਤੇ ਜਦਯੂ ਦੇ ਮੁਅੱਤਲ ਮੈਂਬਰਾਂ ਨੇ ਮਹਿਲਾ ਰਾਖਵਾਂਕਰਨ ਦੇ ਬਿਲ ਨੂੰ ਪੇਸ਼ ਕਰਨ ਸਮੇਂ ਜ਼ਬਰਦਸਤ ਹੰਗਾਮਾ ਕੀਤਾ ਸੀ। ਇਨ੍ਹਾਂ ਦਲਾਂ ਦੇ ਕੁਝ ਮੈਂਬਰਾਂ ਨੇ ਨਾ ਕੇਵਲ ਬਿੱਲ ਦੀਆਂ ਕਾਪੀਆਂ ਫਾੜ ਕੇ ਹਵਾ ਵਿਚ ਉਛਾਲੀਆਂ ਸਨ, ਬਲਕਿ ਕੁਝ ਮੈਂਬਰਾਂ ਨੇ ਚੇਅਰਮੈਨ ਹਾਮਿਦ ਅੰਸਾਰੀ ਦੀ ਮੇਜ ਵੱਲ ਵਧਣ ਦੀ ਕੋਸ਼ਿਸ਼ ਕੀਤੀ ਅਤੇ ਚੇਅਰਮੈਨ ਦੀ ਮੇਜ ਉਤੇ ਰੱਖੇ ਕਾਗਜ਼ ਵੀ ਸੁੱਟ ਦਿੱਤੇ ਸਨ।

ਰਾਖਵਾਂਕਰਨ ਬਿੱਲ 'ਤੇ ਹੰਗਾਮਾ ਕਰਨ ਵਾਲੇ 7 ਸਾਂਸਦ ਮੁਅੱਤਲ 



