ਨਵੀਂ ਦਿੱਲੀ, 9 ਮਾਰਚ (ਚੜ੍ਹਦੀਕਲਾ ਨਿਊਜ਼ ਸਰਵਿਸ) : ਔਰਤਾਂ ਨੂੰ ਸੰਸਦ ਵਿਚ 33 ਫ਼ੀਸਦੀ ਰਾਖਵਾਂਕਰਨ ਦੇਣ ਸਬੰਧੀ ਵਿਵਾਦਗ੍ਰਸਤ ਪਰ ਇਤਿਹਾਸਕ ਬਿੱਲ ਨੂੰ ਅੱਜ ਰਾਜ ਸਭਾ ਨੇ ਪਾਸ ਕਰ ਦਿੱਤਾ। ਸਪਾ, ਰਾਜਦ ਅਤੇ ਲੋਜਪਾ ਦੇ ਵਿਰੋਧ ਕਰਨ ਵਾਲੇ ਸਾਂਸਦਾਂ ਨੂੰ ਰਾਜ ਸਭਾ ਵਿਚੋਂ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਮਹਿਲਾ ਰਾਖਵਾਂਕਰਨ ਬਿੱਲ ਦੇ ਮੁੱਦੇ 'ਤੇ ਰਾਜ ਸਭਾ ਵਿਚ ਕਾਫ਼ੀ ਹੰਗਾਮਾ ਹੋਇਆ ਅਤੇ 7 ਸਾਂਸਦਾਂ ਨੂੰ ਬਾਕੀ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ। ਭਾਰੀ ਹੰਗਾਮੇ ਵਿਚਾਲੇ ਰਾਜ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਈ ਅਤੇ ਵਿਰੋਧੀ ਧਿਰ ਦੇ ਆਗੂ ਅਰੁਣ ਜੇਤਲੀ ਅਤੇ ਹੋਰ ਸਾਂਸਦਾਂ ਨੇ ਆਪਣੀ ਗੱਲ ਰੱਖੀ। ਭਾਜਪਾ ਦਾ ਕਹਿਣਾ ਹੈ ਕਿ ਬਿੱਲ 'ਤੇ ਬਹਿਸ ਤੋਂ ਬਿਨਾਂ ਵੋਟਿੰਗ ਕਿਵੇਂ ਸ਼ੁਰੂ ਹੋ ਸਕਦੀ ਹੈ। ਅਰੁਣ ਜੇਤਲੀ ਨੇ ਕਿਹਾ ਕਿ ਇਸ ਤਰ੍ਹਾਂ ਬਿੱਲ ਪਾਸ ਕਰਵਾਉਣ ਦਾ ਉਹ ਸਮਰਥਨ ਨਹੀਂ ਕਰਦੇ। ਬਹਿਸ ਦੇ ਦੌਰਾਨ ਅਰੁਣ ਜੇਤਲੀ ਨੇ ਕਿਹਾ ਕਿ ਇਹ ਇਤਿਹਾਸਕ ਬਿੱਲ ਹੈ ਪਰ ਸੰਸਦ ਵਿਚ ਜੋ ਕੁੱਝ ਹੋਇਆ ਉਹ ਸਭ ਨੂੰ ਸ਼ਰਮਸ਼ਾਰ ਕਰਨ ਵਾਲਾ ਹੈ। ਇਸ ਤੋਂ ਪਹਿਲਾਂ ਬਿੱਲ ਦਾ ਵਿਰੋਧ ਕਰਨ ਵਾਲੇ ਲਗਾਤਾਰ ਨਾਅਰੇਬਾਜ਼ੀ ਕਰਦੇ ਰਹੇ। ਰਾਜ ਸਭਾ ਦੇ ਸਭਾਪਤੀ ਨੇ ਕਈ ਵਾਰ ਸਾਂਸਦਾਂ ਨੂੰ ਬਹਿਸ ਸ਼ੁਰੂ ਕਰਨ ਦੇਣ ਦੀ ਬੇਨਤੀ ਕੀਤੀ ਪਰ ਦਲਿਤ ਵਿਰੋਧੀ 'ਇਹ ਸਰਕਾਰ ਨਹੀਂ ਚਲੇਗੀ' ਦੇ ਨਾਅਰੇ ਲਗਾਤਾਰ ਲਗਾਏ ਜਾਂਦੇ ਰਹੇ। ਬਰਖਾਸਤ ਕੀਤੇ ਗਏ ਸਾਂਸਦਾਂ ਵਿਚ ਆਰ.ਜੇ.ਡੀ. ਦੇ ਸੁਭਾਸ਼ ਯਾਦਵ, ਲੋਕ ਜਨ ਸ਼ਕਤੀ ਪਾਰਟੀ ਦੇ ਸਾਬਿਰ ਅਲੀ, ਵੀਰਪਾਲ ਸਿੰਘ ਯਾਦਵ, ਨੰਦ ਕਿਸ਼ੋਰ ਯਾਦਵ, ਸਮਾਜਵਾਦੀ ਪਾਰਟੀ ਦੇ ਆਮਿਰ ਆਲਮ ਖਾਨ ਅਤੇ ਕਮਾਲ ਅਖਤਰ, ਇਜਾਜ ਅਲੀ ਜਨਤਾ ਦਲ ਯੂ ਹਨ। ਇਨ੍ਹਾਂ ਨੂੰ ਬਰਖਾਸਤ ਕੀਤੇ ਜਾਣ ਦਾ ਮਤਾ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਪ੍ਰਿਥਵੀ ਰਾਜ ਚੌਹਾਨ ਨੇ ਰਖਿਆ ਅਤੇ ਇਸ ਨੂੰ ਧੁਨੀ ਮਤ ਨਾਲ ਪਾਸ ਕਰ ਦਿੱਤਾ ਗਿਆ।

ਮਹਿਲਾ ਰਾਖਵਾਂਕਰਨ ਬਿੱਲ ਰਾਜ ਸਭਾ 'ਚ ਪਾਸ



