ਬਠਿੰਡਾ 17 ਦਸੰਬਰ (ਅਵਤਾਰ ਸਿੰਘ ਕੈਂਥ) : ਜ਼ਿਲ੍ਹੇ ਵਾਰ ਜਬਰ ਵਿਰੋਧੀ ਰੈਲੀਆਂ ਅਤੇ ਕਾਂਗਰਸ ਪਾਰਟੀ ਦੀ ਭਰਤੀ ਮੁਹਿੰਮ ਲਈ ਪੰਜਾਬ ਦੇ ਦੌਰੇ 'ਤੇ ਨਿਕਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਆਪਣੀ ਮੁਹਿੰਮ ਤੋਂ ਕਾਫੀ ਚੜ੍ਹਦੀਕਲਾ ਵਿਚ ਨਜ਼ਰ ਆ ਰਹੇ ਸਨ ਨੇ ਤਲਵੰਡੀ ਸਾਬੋ ਦੇ ਕਾਂਗਰਸੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਾਂਗਰਸ ਪਾਰਟੀ ਦੀ ਭਰਤੀ ਮੁਹਿੰਮ ਬੜੇ ਜੋਰਾਂ ਸੋਰਾਂ ਨਾਲ ਚੱਲ ਰਹੀ ਹੈ।
ਅਕਾਲੀ ਸਰਕਾਰ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਸਾਡੀ ਸਰਕਾਰ ਸੀ ਤਾਂ ਅਸੀ ਰਾਜਸਥਾਨ, ਭੂਟਾਨ, ਮਹਾਂਰਾਸ਼ਟਰ ਆਦਿ ਸੂਬਿਆਂ ਤੋਂ 11300 ਕਰੋੜ ਦੀ ਬਿਜਲੀ ਖਰੀਦ ਕੇ ਪੰਜਾਬ ਦੇ ਕਿਸਾਨਾਂ ਨੂੰ 8,8 ਘੰਟੇ ਮੁਫਤ ਬਿਜਲੀ ਦਿਤੀ ਪਰ ਬਾਦਲ ਸਰਕਾਰ ਨੇ ਤਾਂ ਬਿਜਲੀ ਦੇ ਮਾਮਲੇ ਵਿਚ ਆਪਣਾ ਜਲੂਸ ਹੀ ਕਢਵਾ ਲਿਆ। ਉਨ੍ਹਾਂ ਕਿਹਾ ਕਿ ਬਾਦਲ ਨੇ ਪੰਜਾਬ ਨੂੰ ਆਰਥਕ ਪੱਖੋਂ ਦਿਵਾਲੀਆ ਬਣਾਕੇ ਰੱਖ ਦਿਤਾ। ਆਮਦਨ ਦਾ ਕੋਈ ਵਸੀਲਾ ਨਹੀ ਤਲਾਸਿਆ, ਮੁਲਾਜਮਾ ਦੀਆਂ ਤਨਖਾਹਾਂ ਦੇਣ ਲਈ ਵੀ ਸਰਕਾਰੀ ਜਮੀਨਾਂ ਵੇਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀ ਆਪਣੀ ਸਰਕਾਰ ਵੇਲੇ ਪੰਜਾਬ ਅੰਦਰ
ਉਦਯੋਗ ਸਥਾਪਤ ਕਰਨ ਲਈ ਜੋ ਮਿਹਨਤ ਕੀਤੀ ਸੀ ਬਾਦਲ ਸਰਕਾਰ ਨੇ ਤਾਂ ਸਾਡੇ ਉਨ੍ਹਾਂ ਯਤਨਾਂ 'ਤੇ ਵੀ ਪਾਣੀ ਫੇਰ ਕੇ ਰੱਖ ਦਿਤਾ ਹੈ। ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਹੀ ਬਾਦਲ ਵਾਰ ਵਾਰ ਦੰਗੇ ਕਰਵਾ ਰਿਹਾ ਹੈ ਤਾਂ ਜੋ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਰ੍ਹੇ ਕੀਤਾ ਜਾ ਸਕੇ। ਅਸਲ ਵਿਚ ਬਾਦਲ ਇਸ ਕੰਮ ਵਿਚ ਮੁਹਾਰਤ ਹਾਸਲ ਕਰ ਚੁੱਕਿਆ ਹੈ ਪਹਿਲਾਂ 1978 ਵਿਚ ਉਸ ਨੇ ਸਿਖਾਂ ਦਾ ਨਿਰੰਕਾਰੀਆਂ ਨਾਲ ਪੇਚਾ ਪਵਾਇਆ, ਬਾਅਦ ਵਿਚ ਜੋ ਹਾਲਤ ਬਣੇ ਸਭ ਨੂੰ ਪਤਾ ਹੀ ਹੈ। ਹੁਣ ਵਾਲੀ ਸਰਕਾਰ ਦੇ ਸ਼ੁਰੂ ਵਿਚ ਹੀ ਡੇਰਾ ਪ੍ਰੇਮੀਆਂ ਨਾਲ, ਫਿਰ ਬੱਲਾਂ ਵਾਲੇ ਡੇਰੇ ਵਾਲਿਆਂ ਨਾਲ ਤੇ ਹੁਣ ਆਹ ਤਾਜ਼ਾ ਆਸ਼ੂਤੋਸ਼ ਤੇ ਪ੍ਰਵਾਸੀਆਂ ਨਾਲ ਪੇਚਾ ਪਵਾਇਆ। ਚਾਹੁੰਦਾ ਤਾ ਉਹ ਇਹ ਕਿ ਉਹ ਇਸ ਤਰ੍ਹਾਂ ਕਰਕੇ ਸਿਖਾਂ ਨੂੰ ਆਪਣੇ ਨੇੜੇ ਲਾ ਲਵੇਗਾ ਪਰ ਸਿਖ ਇਸ ਤੋਂ ਦੂਰ ਹੁੰਦੇ ਜਾ ਰਹੇ ਹਨ। ਕੈਪਟਨ ਨੇ ਚੁਸਕੀ ਲੈਂਦਿਆਂ ਕਿਹਾ ਕਿ ਅਸੀ ਉਨ੍ਹਾਂ ਸਿਖ ਭਰਾਵਾਂ ਨੂੰ ਆਪਣੇ ਨੇੜੇ ਲਾਉਣ ਦਾ ਯਤਨ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਸਿਆਸੀ ਪਾਰਟੀ ਵਿਚ ਪੰਜ ਸਾਲਾਂ ਬਾਅਦ ਲੋਕਤੰਤਰੀ ਢੰਗ ਨਾਲ ਚੋਣ ਹੋਣੀ ਚਾਹੀਦੀ ਹੈ। ਇਸੇ ਸਿਧਾਂਤ ਨੂੰ ਮੁੱਖ ਰੱਖਕੇ ਪੰਜਾਬ ਅੰਦਰ 45 ਲੱਖ ਮੈਂਬਰਸ਼ਿਪ ਫਾਰਮ ਵੰਡੇ ਗਏ ਹਨ। ਮਾਝਾ,ਦੁਆਬਾ ਅਤੇ ਹੁਣ ਮਾਲਵੇ ਦਾ ਦੋਰਾ ਕਰਨ ਤੋਂ ਇਹ ਅਨੁਭਵ ਹੋਇਆ ਹੈ ਕਿ ਪੰਜਾਬ ਦਾ ਹਰ ਵਰਗ ਅਕਾਲੀ ਭਾਜਪਾ ਸਰਕਾਰ ਤੋਂ ਅੱਕ ਚੁੱਕਿਆ ਹੈ ਅਤੇ ਉਹ ਸਾਡੀ ਪਾਰਟੀ ਦੀ ਸਰਕਾਰ ਵੇਖਣਾ ਚਾਹੁੰਦਾ ਹੈ।
ਇਹੀ ਕਾਰਨ ਹੈ ਕਿ ਪਾਰਟੀ ਫਾਰਮ ਭਰਨ ਲਈ ਸਾਡੇ ਵਰਕਰਾਂ ਵਿਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ। ਕੁੱਲ ਕਿੰਨੀ ਕੁ ਭਰਤੀ ਹੋ ਸਕਦੀ ਹੈ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਇਸ ਤੋਂ ਪਹਿਲਾ ਕਾਂਗਰਸ ਪਾਰਟੀ ਦੇ ਪ੍ਰਧਾਨ ਸਨ ਤਾਂ 28 ਲੱਖ ਫਾਰਮ ਵੰਡੇ ਗਏ ਸਨ ਅਤੇ ਉਨ੍ਹਾਂ ਵਿਚੋਂ 14 ਲੱਖ ਫਾਰਮ ਭਰ ਕੇ ਆਏ ਸਨ। ਇਸ ਵਾਰ 45 ਲੱਖ ਫਾਰਮ ਵੰਡੇ ਗਏ ਹਨ ਇਸ ਦਾ ਅਸਲੀ ਪਤਾ ਤਾਂ 31 ਦਸੰਬਰ ਨੂੰ ਹੀ ਲੱਗ ਸਕੇਗਾ ਕਿਉਂਕਿ ਉਹ ਫਾਰਮ ਭਰਨ ਦੀ ਆਖਰੀ ਤਰੀਕ ਹੈ।

ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਦਿਵਾਲੀਆ ਬਣਾ ਕੇ ਰੱਖ ਦਿਤੈ : ਕੈਪਟਨ



