ਚੰਡੀਗੜ੍ਹ, 6 ਸਤੰਬਰ (ਚ.ਨ.ਸ.) : ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਕੇਂਦਰੀ ਵਾਤਾਵਰਣ ਅਤੇ ਜੰਗਲਾਤ ਮੰਤਰੀ ਸ੍ਰੀ ਜੈ ਰਾਮ ਰਮੇਸ਼ ਨੂੰ ਪੰਜਾਬ ਵਿੱਚ ਜੰਗਲੀ ਅਤੇ ਪਾਲਤੂ ਜੈਵਿਕ ਵਿਭਿੰਨਤਾ ਦੀ ਸੰਭਾਲ ਬਾਰੇ 'ਸੈਮੀ ਅਰਿਦ ਟਰੋਪਿਕਸ' ਲਈ ਵਿਭੰਨਤਾ ਸਿੱਖਿਆ, ਖੋਜ ਤੇ ਸਿਖਲਾਈ ਦੀ ਕੌਮੀ ਸੰਸਥਾ ਸਥਾਪਿਤ ਕਰਨ ਲਈ ਕਿਹਾ ਹੈ।ਅੱਜ ਇਥੇ ਸੀ.ਆਈ.ਆਈ ਵਿਖੇ ਪੰਜਾਬ ਜੈਵਿਕ ਵਿਭਿੰਨਤਾ ਅਤੇ ਪੰਜਾਬ ਰਾਜ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਵੱਲੋਂ ਸਾਂਝੇ ਰੂਪ ਵਿੱਚ ਆਯੋਜਿਤ ਰਾਜ ਜੈਵਿਕ ਵਿਭਿੰਨਤਾ ਬੋਰਡਾਂ ਦੀ ਤਿੰਨ ਰੋਜਾ 6ਵੀਂ ਕੌਮੀ ਮਿਲਣੀ ਮੌਕੇ ਦਿੱਤੇ ਭਾਸ਼ਣ ਵਿੱਚ ਸ. ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਵਲੋਂ ਮੋਹਾਲੀ ਵਿਖੇ ਨੈਸ਼ਨਲ ਐਗਰੀ ਫੂਡ ਬਾਈਤਕਨਾਲੋਜੀ ਸੰਸਥਾ ਅਤੇ ਬਾਈਤਕਨਾਲੋਜੀ ਇਨਕਿਉਬੇਟਰ ਸਥਾਪਿਤ ਕਰਨ ਦੇ ਨਾਲ ਨਾਲ ਜੈਵਿਕ ਵਿਭਿੰਨਤਾ ਦੀ ਸੰਭਾਲ ਲਈ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਵੀ ਸਥਾਪਿਤ ਕੀਤਾ ਹੋਇਆ ਹੈ। ਪੀ.ਏ.ਯੂ ਅਤੇ ਨਾਈਪਰ ਦੇ ਨਾਲ ਇਹ ਸੰਸਥਾਵਾਂ ਪ੍ਰਸਤਾਵਿਤ ਜੈਵਿਕ ਵਿਭਿੰਨਤਾ ਸੰਸਥਾ ਦੀ ਸਥਾਪਨਾ ਦੇ ਯਤਨਾਂ ਵਿੱਚ ਸਮਰਥਨ ਦੇ ਸਕਦੀਆਂ ਹਨ। ਉਨਾਂ ਸ੍ਰੀ ਜੈਰਾਮ ਰਮੇਸ਼ ਨੂੰ ਜ਼ੋਰ ਦੇ ਕੇ ਕਿਹਾ ਕਿ ਰਵਾਇਤੀ ਕਿਸਮਾਂ ਦੇ ਜਰਮ ਪਲਾਜਮ ਅਤੇ ਇਸ ਤੋਂ ਵਿਕਸਤ ਹੋਰ ਕਿਸਮਾਂ ਦੀ ਸੰਭਾਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਾਈਓਜੈਨਕ ਦੀ ਸਹੂਲਤ ਨਾਲ ਇੱਕ ਜੀਨ ਬੈਂਕ ਸਥਾਪਿਤ ਕੀਤਾ ਜਾਵੇ। ਸ੍ਰੀ ਜੈ ਰਾਮ ਰਮੇਸ ਵੱਲੋਂ ਕੌਮੀ ਦਰਿਆਈ ਪਾਣੀਆਂ ਦੀ ਸਾਂਭ ਸੰਭਾਲ ਸਬੰਧੀ ਸਕੀਮ ਨੂੰ ਸਰਵ ਉੱਚ ਪਹਿਲ ਦੇਣ 'ਤੇ ਉਨਾਂ ਦਾ ਧੰਨਵਾਦ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਾਡੇ ਰਾਜ ਨੂੰ ਦਰਪੇਸ਼ ਦਰਿਆਈ ਪਾਣੀਆਂ ਦੇ ਪ੍ਰਦੂਸਣ ਦੀ ਸਮੱਸਿਆ ਸਭ ਤੋਂ ਵੱਧ ਗੰਭੀਰ ਸਮੱਸਿਆ ਸੇ। ਸ. ਬਾਦਲ ਨੇ ਕਿਹਾ ਕਿ ਸਾਡੀਆਂ ਕੌਸ਼ਿਸ਼ਾਂ ਸਦਕਾ 1035 ਕਰੋੜ ਰੁਪਏ ਦੀ ਸਕੀਮ ਪ੍ਰਵਾਨ ਕੀਤੀ ਗਈ ਹੈ ਜਿਸ ਵਿਚੋਂ 70 ਫੀਸਦੀ ਯਾਨੀ ਕਿ 725 ਕਰੋੜ ਰੁਪਏ ਕੇ'ਦਰ ਵੱਲੋਂ ਭੇਜੇ ਜਾਣਗੇ ਅਤੇ ਬਾਕੀ 30 ਫੀਸਦੀ ਰਾਸ਼ੀ (310 ਕਰੋੜ ਰੁਪਏ ) ਰਾਜ ਸਰਕਾਰ ਵੱਲੋਂ ਲਗਾਈ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਵਿੱਚ ਜੈਵਿਕ ਵਿਭਿੰਨਤਾ ਨੂੰ ਸਭ ਤੋਂ ਵੱਧ ਖਤਰਾ ਸਤਲੁੱਜ, ਬਿਆਸ ਅਤੇ ਘੱਗਰ ਦੇ ਪ੍ਰਦੂਸ਼ਤ ਪਾਣੀਆਂ ਤੋਂ ਹੈ। ਉਨਾਂ ਕਿਹਾ ਕਿ ਪ੍ਰਦੂਸ਼ਣ ਦਾ ਪੱਧਰ ਇੰਨਾ ਵੱਧ ਗਿਆ ਹੈ ਕਿ ਇਹ ਕੈਂਸਰ ਅਤੇ ਹੈਪੀਟਾਈਟਸ ਵਰਗੀਆਂ ਬਿਮਾਰੀਆਂ ਲਈ ਘਾਤਕ ਹੈ। ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਆਉਂਦੇ 15 ਮਹੀਨਿਆਂ ਦੌਰਾਨ ਇਹ ਪਾਣੀ ਪੂਰਨ ਰੂਪ ਵਿੱਚ ਸ਼ੁੱਧ ਕਰ ਦਿਤਾ ਜਾਵੇਗਾ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ੍ਰੀ ਜੈ ਰਾਮ ਰਾਮੇਸ਼ ਨੂੰ ਪੰਜਾਬ ਦੇ ਲੋਕਾਂ ਦੀ ਤਰਫੋਂ ਪ੍ਰੇਮ ਅਤੇ ਸਤਿਕਾਰ ਵਜੋਂ ਸਿਰੋਪਾ ਅਤੇ ਸ਼ਾਲ ਅਤੇ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਦਾ ਮੋਮੈਟੋ ਭੇਂਟ ਕੀਤਾ। ਆਪਣੇ ਉਦਘਾਟਨੀ ਭਾਸ਼ਨ ਵਿੱਚ ਸ੍ਰੀ ਜੈ ਰਾਮ ਰਮੇਸ਼ ਨੇ ਸਾਡੇ ਜੈਵਿਕ ਸੋਮਿਆ ਦੀ ਪਾਇਰੇਸੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਿਆ। ਉਨਾਂ ਫਰਮਾਂ ਅਤੇ ਕੰਪਨੀਆਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਆਪਣੇ ਜੈਵਿਕ ਸੋਮਿਆਂ ਦੇ ਹੱਕ ਰਾਂਖਵੇਕਰਨ ਤੋਂ ਰੋਕਣ ਲਈ ਰਿਵਾਇਤੀ ਨੋਲੇਜ ਡਿਜ਼ੀਟਲ ਲਾਇਬਰੇਰੀ, ਜੋਗਰਫੀਕਲ ਇੰਡੀਕੇਸ਼ਨਜ ਅਤੇ ਪੀਉਪਲਜ ਬਾਇਓ-ਡਾਈਵਰਸਿਟੀ ਰਜਿਸ਼ਟਰਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਲੋੜ 'ਤੇ ਜੋਰ ਦਿੱਤਾ। ਮੁੱਖ ਮੰਤਰੀ ਵੱਲੋਂ ਪੇਸ਼ ਕੀਤੀਆਂ ਗਈਆਂ ਮੰਗਾਂ ਨੂੰ ਮੰਨਦੇ ਹੋਏ ਸ੍ਰੀ ਜੈ ਰਾਮ ਰਮੇਸ਼ ਨੇ ਐਲਾਨ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਨਾਲ ਪੰਜਾਬ ਦੇ ਸ਼ਿਵਾਲਿਕ ਖੇਤਰ ਨੂੰ ਸਾਂਝੇ ਕੋਰੀਡੋਰ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਇਸ ਨੂੰ ਵਾਤਾਵਰਣ ਸੰਭਾਲ ਐਕਟ 1986 ਤਹਿਤ ਬਾਈਓਸਫੇਅਰ ਰਿਜ਼ਰਵ ਅਧੀਨ ਐਲਾਨਿਆ ਜਾਵੇਗਾ। ਇਸ ਨਾਲ ਰਵਾਇਤੀ ਕਿਰਸਾਨੀ ਪ੍ਰਣਾਲੀ ਅਤੇ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਫਸਲੀ ਵਿਭਿੰਨਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਮਿਲੇਗੀ। ਸ੍ਰੀ ਜੈ ਰਾਮ ਰਮੇਸ਼ ਨੇ ਮੁੱਖ ਮੰਤਰੀ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਹ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਨਾਮੀ ਬਾਗ ਨੂੰ ਵਿਕਸਤ ਕਰਨ ਦੀ ਤਜਵੀਜ਼ ਨੂੰ ਆਪਣੇ ਮੰਤਰਾਲੇ ਤੋਂ ਵਿਸਥਾਰ ਪੂਰਵਕ ਘੋਖਣ ਉਪਰੰਤ ਹਾਸਲ ਕਰਨਗੇ। ਉਨਾਂ ਬਠਿੰਡਾ ਵਿੱਚ ਮੋਰ ਸੰਭਾਲ ਕੇਂਦਰ ਦੀ ਸਥਾਪਨਾ ਲਈ ਰਾਜ ਸਰਕਾਰ ਦੀ ਤਜਵੀਜ਼ ਨੂੰ ਵਾਤਾਵਰਣ ਮੰਤਰਾਲੇ ਗੰਭੀਰਤਾ ਨਾਲ ਵਿਚਾਰਨ ਦਾ ਐਲਾਨ ਵੀ ਕੀਤਾ। ਸ੍ਰੀ ਰਮੇਸ਼ ਨੇ ਜੈਵਿਕ ਵਿਭਿੰਨਤਾ ਬਾਰੇ ਕਿਤਾਬਾਂ ਦਾ ਇੱਕ ਸੈਟ ਵੀ ਜਾਰੀ ਕੀਤਾ ਅਤੇ ਇਸ ਦੀ ਪਹਿਲੀ ਕਾਪੀ ਮੁੱਖ ਮੰਤਰੀ ਨੂੰ ਭੇਂਟ ਕੀਤੀ।
ਇਸ ਮੌਕੇ ਤੇ ਸਕੱਤਰ ਕੌਮੀ ਜੈਵਿਕ ਵਿਭਿੰਨਤਾ ਅਥਾਰਟੀ ਸ੍ਰੀ ਸੀ.ਅਚੇਲੰਦਰ ਰੈਡੀ, ਸੰਯੁਕਤ ਸਕੱਤਰ ਐਮ.ਓ.ਈ.ਐਫ ਭਾਰਤ ਸਰਕਾਰ ਸ੍ਰੀ ਹੇਮ ਪਾਂਡੇ, ਵਾਤਾਵਰਣ ਤੇ ਜੰਗਲਾਤ ਮੰਤਰੀ ਮਿਜ਼ੋਰਮ ਅਤੇ ਚੇਅਰਮੈਨ ਮਿਜ਼ੋਰਮ ਜੈਵਿਕ ਵਿਭਿੰਨਤਾ ਬੋਰਡ ਸ੍ਰੀ ਐਚ.ਰੋਹਲੁਨਾ, ਚੇਅਰਮੈਨ ਕੌਮੀ ਜੈਵਿਕ ਵਿਭਿੰਨਤਾ ਅਥਾਰਟੀ ਡਾ. ਪੀ.ਐਲ.ਗੌਤਮ, ਮੁੱਖ ਸਕੱਤਰ ਪੰਜਾਬ ਸ੍ਰੀ ਐਸ.ਸੀ.ਅਗਰਵਾਲ ਅਤੇ ਸਕੱਤਰ ਸਾਇੰਸ, ਤਕਨਾਲੋਜੀ ਤੇ ਵਾਤਾਵਰਣ ਪੰਜਾਬ ਸ੍ਰੀ ਵਿਸ਼ਵਜੀਤ ਖੰਨਾ ਹਾਜ਼ਰ ਸਨ। ਮੈ'ਬਰ ਸਕੱਤਰ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਸ੍ਰੀ ਨਲੀਮਾ ਜੈਰਥ ਵਲੋਂ ਇਸ ਮੌਕੇ 'ਤੇ ਧੰਨਵਾਦ ਦਾ ਮਤਾ ਪੇਸ਼ ਕੀਤਾ।
News
ਜੈ ਰਾਮ ਰਮੇਸ਼ ਨੇ ਸ਼ਿਵਾਲਿਕ ਖੇਤਰ ਨੂੰ ਜੈਵਿਕ ਸੰਭਾਲ ਖੇਤਰ ਵਜੋਂ ਐਲਾਨਿਆ
ਕਾਂਗਰਸ ਤੇ ਸਰਕਾਰ ਵਿਚਾਲੇ ਮਤਭੇਦ ਨਹੀਂ : ਪ੍ਰਧਾਨ ਮੰਤਰੀ
ਨਵੀਂ ਦਿੱਲੀ, 6 ਸਤੰਬਰ (ਚੜ੍ਹਦੀਕਲਾ ਨਿਊਜ਼ ਸਰਵਿਸ): ਆਪਣੀ ਸਰਕਾਰ ਤੇ ਕਾਂਗਰਸ ਪਾਰਟੀ ਵਿਚਾਲੇ ਮਤਭੇਦ ਦੀਆਂ ਅਟਕਲਾਂ ਤੋਂ ਇਨਕਾਰ ਕਰਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਵੱਖ ਵੱਖ ਰਾਏ ਜਾਹਿਰ ਕਰਨਾ ਜ਼ਰੂਰੀ ਨਹੀਂ ਕਿ ਝਗੜੇ ਦਾ ਸੰਕੇਤ ਹੋਵੇ। ਪ੍ਰਧਾਨ ਮੰਤਰੀ ਨੂੰ ਇਸ ਗੱਲ ਵਿਚ ਕੁੱਝ ਗਲਤ ਨਹੀਂ ਲਗਦਾ ਕਿ ਮੰਤਰੀਆਂ ਅਤੇ ਉਨ੍ਹਾਂ ਦੀ ਪਾਰਟੀ ਦੇ ਅਹੁਦਾ ਅਧਿਕਾਰੀਆਂ ਦੀ ਰਾਏ ਵੱਖ ਵੱਖ ਹੋਵੇ ਕਿਉਂਕਿ ਕਾਂਗਰਸ ਪਾਰਟੀ ਆਪਣੇ ਆਪ ਵਿਚ ਇਕ ਅੰਦੋਲਨ ਹੈ, ਜਿਸ ਵਿਚ ਰਾਏ ਦਾ ਵਖਰੇਵਾਂ ਰਿਹਾ ਹੈ, ਜਿਵੇਂ ਕਿ ਲੋਕਤੰਤਰ ਵਿਚ ਹੁੰਦਾ ਹੈ। ਡਾ. ਸਿੰਘ ਨੇ ਆਪਣੀ ਰਿਹਾਇਸ਼ 'ਤੇ ਸੰਪਾਦਕਾਂ ਦੇ ਇਕ ਸਮੂਹ ਨੂੰ ਕਿਹਾ ਕਿ ਕੈਬਨਿਟ ਅਤੇ ਸਰਕਾਰ ਲਈ ਕੁੱਝ ਹੱਦ ਤੱਕ ਤਾਲਮੇਲ ਨਾਲ ਕੰਮ ਕਰਨਾ ਜ਼ਰੂਰੀ ਹੈ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੈਬਨਿਟ ਨੇ ਜਵਾਹਰ ਲਾਲ ਨਹਿਰੂ ਦੀ ਪਹਿਲੀ ਕੈਬਨਿਟ ਤੋਂ ਵੀ ਬਿਹਤਰ ਤਾਲਮੇਲ ਨਾਲ ਕੰਮ ਕੀਤਾ ਹੈ। ਉਨ੍ਹਾਂ ਯਾਦ ਦਿਵਾਇਆ ਕਿ ਨਹਿਰੂ ਅਤੇ ਉਨ੍ਹਾਂ ਦੇ ਸਹਾਇਕ ਸ੍ਰੀ ਪਟੇਲ ਵਿਚਾਲੇ ਹਰ ਰੋਜ਼ ਬਹਿਸ ਹੁੰਦੀ ਸੀ। ਇੰਦਰਾ ਗਾਂਧੀ ਅਤੇ ਉਨ੍ਹਾਂ ਦੇ ਸਹਾਇਕ ਮੋਰਾਰਜੀ ਦੇਸਾਈ ਵਿਚਾਲੇ ਵੀ ਮਤਭੇਦ ਰਹੇ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਸਮੇਂ ਚੰਦਰਸ਼ੇਖਰ ਸਮੇਂ ਕੁੱਝ ਨੌਜਵਾਨ ਤੁਰਕਾਂ ਨੇ ਸ਼ਰੇਆਮ ਇਕ ਅਸੰਤੁਸ਼ਟ ਪਾਰਟੀ ਬਣਾਈ। ਸੰਪਾਦਕਾਂ ਨਾਲ ਪ੍ਰਧਾਨ ਮੰਤਰੀ ਦੀ ਇਹ ਮੁਲਾਕਾਤ ਇਕ ਪੱਤਰ ਸੰਮੇਲਨ ਵਿਚ ਬਦਲ ਗਈ, ਜਿਸ ਵਿਚ ਉਨ੍ਹਾਂ ਘਰੇਲੂ ਸਿਆਸੀ ਮਾਮਲਿਆਂ, ਵਿੱਤ ਵਿਵਸਥਾ ਅਤੇ ਵਿਦੇਸ਼ ਨੀਤੀ 'ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਸਪਸ਼ਟ ਕਰ ਦਿੱਤਾ ਕਿ ਉਹ ਸੰਨਿਆਸ ਲੈਣ ਬਾਰੇ ਨਹੀਂ ਸੋਚ ਰਹੇ। ਪ੍ਰਧਾਨ ਮੰਤਰੀ ਨੇ ਨਕਸਲੀ ਸਮੱਸਿਆ, ਕਸ਼ਮੀਰ ਦੇ ਹਾਲਾਤ ਅਤੇ ਬਾਬਰੀ ਮਸਜਿਦ ਦੇ ਆਉਣ ਵਾਲੇ ਫੈਸਲੇ ਨੂੰ ਕੁੱਝ ਉਚ ਮਾਮਲੇ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਨਾਲ ਇਹ ਨਿਰਧਾਰਤ ਹੋਵੇਗਾ ਕਿ ਆਉਣ ਵਾਲੇ ਸਾਲਾਂ ਵਿਚ ਭਾਰਤ ਕਿਸ ਤਰ੍ਹਾਂ ਦਾ ਅਕਾਰ ਲਵੇਗਾ। ਨਕਸਲੀ ਸਮੱਸਿਆ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਨੂੰ ਦਰਪੇਸ਼ ਸਭ ਤੋਂ ਪ੍ਰਮੁੱਖ ਚੁਣੌਤੀਆਂ ਵਿਚੋਂ ਇਕ ਹੈ, ਜਿਸ ਨੂੰ ਫੌਰੀ ਤੌਰ 'ਤੇ ਹੱਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਦੋ ਪੜਾਵੀ ਦ੍ਰਿਸ਼ਟੀਕੋਣ ਦੀ ਹਮਾਇਤ ਕਰਦਿਆਂ ਕਿਹਾ ਕਿ ਸਮੱਸਿਆ ਦੇ ਪਿਛੇ ਲੁਕੇ ਵਾਜਿਬ ਆਰਥਿਕ ਅਤੇ ਸਮਾਜਿਕ ਕਾਰਨਾਂ ਨੂੰ ਦੂਰ ਕਰਨਾ ਹੋਵੇਗਾ ਅਤੇ ਨਾਲ ਹੀ ਕਾਨੂੰਨ ਵਿਵਸਥਾ ਨੂੰ ਲਾਗੂ ਕਰਨਾ ਹੋਵੇਗਾ। ਕਸ਼ਮੀਰ ਸਮੱਸਿਆ ਦੇ ਸਬੰਧ ਵਿਚ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਇਸ ਹਫ਼ਤੇ ਉਹ ਸੁਰੱਖਿਆ ਸਬੰਧੀ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ ਸੱਦਣ ਜਾ ਰਹੇ ਹਨ ਜਿਸ ਵਿਚ ਕਸ਼ਮੀਰ ਦੇ ਹਾਲਾਤ ਅਤੇ ਉਸ ਨਾਲ ਨਜਿੱਠਣ ਦੇ ਉਪਾਵਾਂ 'ਤੇ ਵਿਚਾਰ ਕੀਤਾ ਜਾਵੇਗਾ।
ਬਿਹਾਰ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
6 ਪੜਾਵੀ ਚੋਣਾਂ 21 ਅਕਤੂਬਰ ਤੋਂ 20 ਨਵੰਬਰ ਤੱਕ
ਨਵੀਂ ਦਿੱਲੀ, 6 ਸਤੰਬਰ (ਚੜ੍ਹਦੀਕਲਾ ਨਿਊਜ਼ ਸਰਵਿਸ): ਚੋਣ ਕਮਿਸ਼ਨ ਨੇ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ। ਕਮਿਸ਼ਨ ਨੇ ਸੂਬੇ ਵਿਚ ਛੇ ਪੜਾਵਾਂ ਵਿਚ ਵੋਟਿੰਗ ਕਰਵਾਉਣ ਦਾ ਫੈਸਲਾ ਲਿਆ ਹੈ। ਚੋਣਾਂ 21 ਅਕਤੂਬਰ ਤੋਂ ਸ਼ੁਰੂ ਹੋ ਕੇ 20 ਨਵੰਬਰ ਨੂੰ ਖਤਮ ਹੋਣਗੀਆਂ। ਮੁੱਖ ਚੋਣ ਕਮਿਸ਼ਨ ਐਸ.ਵਾਈ ਕੁਰੈਸ਼ੀ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਬਿਹਾਰ ਵਿਚ ਵਿਧਾਨ ਸਭਾ ਦਾ ਕਾਰਜਕਾਲ 27 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਇਸ ਲਈ ਉਸ ਤੋਂ ਪਹਿਲਾਂ ਚੋਣ ਪ੍ਰਕ੍ਰਿਆ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਛੇ ਪੜਾਵਾਂ ਵਿਚ ਕਰਵਾਈ ਜਾਣ ਵਾਲੀ ਵੋਟਿੰਗ ਦੇ ਪਹਿਲੇ ਪੜਾਅ ਵਿਚ 21 ਅਕਤੂਬਰ ਨੂੰ 47 ਸੀਟਾਂ ਲਈ ਵੋਟਾਂ ਪੈਣਗੀਆਂ। ਦੂਜੇ ਪੜਾਅ ਵਿਚ 24 ਅਕਤੂਬਰ ਨੂੰ 45 ਸੀਟਾਂ, ਤੀਜੇ ਪੜਾਅ ਵਿਚ 28 ਅਕਤੂਬਰ ਨੂੰ 58 ਸੀਟਾਂ, ਚੌਥੇ ਪੜਾਅ ਵਿਚ 1 ਨਵੰਬਰ ਨੂੰ 42 ਸੀਟਾਂ, ਪੰਜਵੇਂ ਪੜਾਅ ਵਿਚ 9 ਨਵੰਬਰ ਨੂੰ 35 ਸੀਟਾਂ ਅਤੇ ਛੇਵੇਂ ਪੜਾਅ ਵਿਚ 20 ਨਵੰਬਰ ਨੂੰ 26 ਸੀਟਾਂ ਲਈ ਵੋਟਾਂ ਪਾਈਆਂ ਜਾਣਗੀਆਂ। ਕੁਰੈਸ਼ੀ ਨੇ ਦੱਸਿਆ ਕਿ ਸੂਬੇ ਵਿਚ ਬਾਂਕਾ ਸੀਟ ਲਈ ਉਪ ਚੋਣ ਵੀ ਨਾਲ ਹੀ ਕਰਵਾਈ ਜਾਵੇਗੀ। ਸਾਰੇ ਪੜਾਵਾਂ ਦੀ ਵੋਟਿੰਗ ਪੂਰੀ ਹੋ ਜਾਣ ਤੋਂ ਬਾਅਦ 24 ਨਵੰਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਨਕਸਲੀਆਂ ਵੱਲੋਂ ਤਿੰਨ ਪੁਲਿਸ ਮੁਲਾਜ਼ਮ ਰਿਹਾਅ
ਪਟਨਾ, 6 ਸਤੰਬਰ (ਚ.ਨ.ਸ.)-ਨਕਸਲੀਆਂ ਨੇ ਪਿਛਲੇ ਕਈ ਦਿਨਾਂ ਤੋਂ ਬੰਧਕ ਬਣਾਏ ਗਏ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਅੱਜ ਰਿਹਾਅ ਕਰ ਦਿੱਤਾ। ਇਸ ਸਬੰਧ ਵਿਚ ਸੱਤ ਸ਼ੱਕੀ ਨਕਸਲੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਬੰਧਕ ਬਣਾਏ ਗਏ ਤਿੰਨੋਂ ਪੁਲਿਸ ਮੁਲਾਜ਼ਮ ਅਭੈ ਯਾਦਵ, ਰੂਪੇਸ਼ ਕੁਮਾਰ ਸਿਨਹਾ ਅਤੇ ਇਹਤਸ਼ਾਮ ਖਾਨ ਨੂੰ ਚਾਨਨ ਦੇ ਜੰਗਲਾਂ ਵਿਚ ਛੱਡਿਆ ਗਿਆ ਹੈ। ਇਨ੍ਹਾਂ ਤਿੰਨੋਂ ਪੁਲਿਸ ਮੁਲਾਜ਼ਮ ਸਹੀ ਸਲਾਮਤ ਹਨ। ਇਸ ਸਬੰਧ ਵਿਚ ਬਿਹਾਰ ਦੇ ਪੁਲਿਸ ਮੁਖੀ ਨੇ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਨਕਸਲੀਆਂ ਵੱਲੋਂ ਬੰਧਕ ਬਣਾਏ ਪੁਲਿਸ ਮੁਲਾਜ਼ਮ ਸਹੀ-ਸਲਾਮਤ ਰਿਹਾਅ ਹੋ ਗਏ ਹਨ। ਇਸ ਦੇ ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਨਕਸਲੀਆਂ ਵੱਲੋਂ ਬੰਧਕ ਬਣਾਏ ਗਏ ਚਾਰ ਜਵਾਨਾਂ ਵਿਚੋਂ ਇਕ ਜਵਾਨ ਲਿਊਕਸ ਟੇਟੇ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦਾ ਸ਼ਨੀਵਾਰ ਨੂੰ ਅੰਤਿਮ ਸਸਕਾਰ ਕੀਤਾ ਗਿਆ। ਲਗਪਗ ਇਕ ਹਫ਼ਤਾ ਪਹਿਲਾਂ ਨਕਸਲੀਆਂ ਨੇ ਚਾਰ ਪੁਲਿਸ ਵਾਲਿਆਂ ਨੂੰ ਅਗਵਾ ਕਰ ਲਿਆ ਸੀ। ਨਕਸਲੀਆਂ ਨੇ ਇਨ੍ਹਾਂ ਪੁਲਿਸ ਵਾਲਿਆਂ ਦੀ ਰਿਹਾਈ ਦੇ ਬਦਲੇ ਆਪਣੇ ਅੱਠ ਸਾਥੀਆਂ ਨੂੰ ਆਜ਼ਾਦ ਕਰਾਉਣ ਦੀ ਮੰਗ ਕੀਤੀ ਸੀ। ਪਰ ਸਰਕਾਰ ਵੱਲੋਂ ਨਕਸਲੀਆਂ ਦੀ ਇਹ ਮੰਗ ਨਾ ਮੰਨੇ ਜਾਣ ਤੋਂ ਬਾਅਦ ਇਕ ਪੁਲਿਸ ਮੁਲਾਜ਼ਮ ਲਿਊਕਸ ਟੇਟੇ ਦੀ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਸਰਕਾਰ ਕਾਫੀ ਦੁਚਿੱਤੀ ਵਿਚ ਫਸ ਗਈ ਸੀ।
ਸਤਲੁਜ ਦੇ ਬੰਨ੍ਹ 'ਚ ਦਰਾਰ, ਕਈ ਪਿੰਡ ਡੁੱਬੇ
ਚੰਡੀਗੜ੍ਹ, 6 ਸਤੰਬਰ (ਚੜ੍ਹਦੀਕਲਾ ਨਿਊਜ਼ ਸਰਵਿਸ) : ਪੰਜਾਬ ਦੇ ਰੋਪੜ ਜ਼ਿਲ੍ਹੇ ਵਿਚ ਲੌਦੀਪੁਰ ਪਿੰਡ ਦੇ ਨੇੜੇ ਸਤਲੁਜ ਨਦੀ ਦੇ ਬੰਨ੍ਹ ਵਿਚ ਦਰਾਰ ਪੈਣ ਕਾਰਨ ਆਲੇ ਦੁਆਲੇ ਦੇ ਤਕਰੀਬਨ ਇਕ ਦਰਜਨ ਪਿੰਡਾਂ ਵਿਚ ਹੜ੍ਹ ਦਾ ਪਾਣੀ ਦਾਖ਼ਲ ਹੋ ਗਿਆ ਹੈ। ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਲ ਪੱਧਰ ਆਮ ਵਾਂਗ ਬਣਾਈ ਰੱਖਣ ਲਈ ਐਤਵਾਰ ਨੂੰ ਹੋਰ ਪਾਣੀ ਛੱਡਿਆ ਗਿਆ। ਪਾਣੀ ਛੱਡੇ ਜਾਣ ਤੋਂ ਬਾਅਦ ਰੋਪੜ ਜ਼ਿਲ੍ਹੇ ਵਿਚ ਕਈ ਏਕੜ ਫਸਲ ਬਰਾਬਾਦ ਹੋ ਗਈ। ਰੋਪੜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਨੰਦਪੁਰ ਸਾਹਿਬ ਦੇ ਉਪ ਮੰਡਲ ਦੇ ਪ੍ਰਭਾਵਿਤ ਪਿੰਡਾਂ ਦੇ ਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਰੋਪੜ ਦੇ ਡਿਪਟੀ ਕਮਿਸ਼ਨਰ ਏ ਐਸ ਮਿਗਲਾਨੀ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ। ਕੁੱਝ ਦਿਨ ਪਹਿਲਾਂ ਬੰਨ੍ਹ ਵਿਚ ਆਈ ਦਰਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ । ਅਧਿਕਾਰੀ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਹਾਲਾਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਹੜ੍ਹ ਦੇ ਕਾਰਨ ਲੌਦੀਪੁਰ, ਬੁਰਜ, ਹਰੀਵਾਲ, ਮਤੌਲ, ਚਾਂਦਪੁਰ, ਮਹਿਦੀਪਕਲਾਂ, ਕਲਿਆਣਪੁਰ, ਧਾਲ, ਨਿੱਕੂਵਾਲ ਅਤੇ ਬਾਲੋਵਾਲ ਪਿੰਡ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਜਾਇੰਟ ਡਾਇਰੈਕਟਰ ਬੀ ਪੀ ਸ਼ਰਮਾ ਨੇ ਦੱਸਿਆ ਕਿ 10 ਸਤੰਬਰ ਤੱਕ ਬੰਨ੍ਹ ਦਾ ਜਲ ਪੱਧਰ 1680 ਫੁੱਟ ਬਣਾਈ ਰੱਖਣ ਲਈ ਅਸੀਂ ਪਾਣੀ ਛੱਡਣਾ ਜਾਰੀ ਰੱਖਾਂਗੇ। ਐਤਵਾਰ ਨੂੰ 12 ਹਜ਼ਾਰ ਕਿਊਸਿਕ ਪਾਣੀ ਛੱÎਡਿਆ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਖੜਾ ਡੈਮ ਵਿਚ ਸਮਰੱਥਾ ਤੋਂ ਪਾਣੀ ਵਧਣ ਕਾਰਨ ਹੌਲੀ ਹੌਲੀ ਪਾਣੀ ਛੱਡਿਆ ਜਾ ਰਿਹਾ ਹੈ।
More Articles...
Page 1 of 304



