ਨੇਪਾਲ ਵਿਚ ਜਿਹੜੀਆਂ ਸਿਆਸੀ ਸਰਗਰਮੀਆਂ ਚੱਲ ਰਹੀਆਂ ਹਨ, ਉਸ ਨਾਲ ਇਕ ਜਮਹੂਰੀ ਸਰਕਾਰ ਕਾਇਮ ਹੋਵੇ ਤਾਂ ਚੰਗੀ ਗੱਲ ਹੈ ਪਰ ਉਥੇ ਕੁਝ ਅਜਿਹਾ ਚੱਲ ਰਿਹਾ ਹੈ ਕਿ ਉਹ ਨਿਸਚਿਤ ਰੂਪ ਵਿਚ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ। ਕਾਫੀ ਲੰਮੇ ਸਮੇਂ ਤੋਂ ਉਥੇ ਪ੍ਰਧਾਨ ਮੰਤਰੀ ਨਾ ਬਣ ਸਕਣ ਕਾਰਨ ਉਥੋਂ ਦੇ ਮਾਓਵਾਦੀਆਂ ਦੁਆਰਾ ਚੀਨ ਤੋਂ ਮਦਦ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਕ ਰਿਪੋਰਟ ਅਨੁਸਾਰ ਇਕ ਮਾਓਵਾਦੀ ਆਗੂ ਕ੍ਰਿਸ਼ਨ ਬਹਾਦਰ ਦੀ ਇਕ ਟੇਪ ਸਾਹਮਣੇ ਆਈ ਹੈ, ਜਿਸ ਵਿਚ ਉਸ ਨੂੰ ਤਰਾਈ ਦੀਆਂ ਛੋਟੀਆਂ ਪਾਰਟੀਆਂ ਦੇ 50 ਦੇ ਕਰੀਬ ਮੈਂਬਰ ਪਾਰਲੀਮੈਂਟ ਨੂੰ ਖਰੀਦੋ-ਫਰੋਖਤ ਲਈ 50 ਕਰੋੜ ਰੁਪਏ ਦੀ ਮੰਗ ਕਰਦਾ ਸੁਣਿਆ ਗਿਆ ਹੈ। ਚੀਨ ਲਈ ਇੰਨੀ ਕੁ ਰਕਮ ਦੇਣਾ ਵੱਡੀ ਗੱਲ ਨਹੀਂ ਹੈ। ਇੰਨੀ ਕੁ ਰਕਮ ਅਦਾ ਕਰਕੇ ਨੇਪਾਲ ਵਿਚ ਜੇਕਰ ਚੀਨ ਸਮਰਥਕ ਸਰਕਾਰ ਕਾਇਮ ਹੋ ਜਾਂਦੀ ਹੈ ਤਾਂ ਇਸ ਤੋਂ ਵੱਡੀ ਕੀ ਗੱਲ ਹੋਵੇਗੀ। ਚੀਨ ਪਹਿਲਾਂ ਤੋਂ ਹੀ ਅਜਿਹੀ ਰਣਨੀਤੀ ਬਣਾ ਰਿਹਾ ਹੈ, ਜਿਸ ਨਾਲ ਕਿ ਉਹ ਭਾਰਤ ਦੀ ਘੇਰਾਬੰਦੀ ਕਰ ਸਕੇ। ਉਸ ਦੁਆਰਾ ਪਾਕਿਸਤਾਨ ਵਿਚ ਵੀ ਇਸ ਪ੍ਰਕਾਰ ਪੈਰ ਪਸਾਰੇ ਜਾ ਰਹੇ ਹਨ, ਜਿਸ ਨਾਲ ਉਹ ਭਾਰਤ ਨੂੰ ਅਸਿੱਧੇ ਰੂਪ ਵਿਚ ਤੰਗ ਕਰ ਸਕਦਾ ਹੈ ਅਤੇ ਰੱਖਿਆ ਰਣਨੀਤੀ ਲਈ ਵੀ ਪਾਕਿਸਤਾਨ ਵਿਚ ਉਸ ਦੀਆਂ ਪ੍ਰਸਾਰ ਨੀਤੀਆਂ ਚੰਗੀਆਂ ਹਨ। ਸ੍ਰੀਲੰਕਾ ਵਿਚ ਵੀ ਉਸ ਦੀਆਂ ਸਰਗਰਮੀਆਂ ਤੇਜ਼ ਹਨ। ਹੁਣ ਉਹ ਨੇਪਾਲ ਵਿਚ ਵੀ ਆਪਣੀਆਂ ਗਤੀਵਿਧੀਆਂ ਤੇਜ਼ ਕਰ ਰਿਹਾ ਹੈ। ਨੇਪਾਲ ਵਿਚ ਉਸ ਦੀ ਦਖਲਅੰਦਾਜ਼ੀ ਬਹੁਤ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ ਭਾਰਤ ਵਿਚ ਜਿਹੜੇ ਮਾਓਵਾਦੀ ਜਾਂ ਨਕਸਲੀ ਸਰਗਰਮ ਹਨ, ਉਹਨਾਂ ਦੀ ਪਹੁੰਚ ਨੇਪਾਲ ਤੱਕ ਬਹੁਤ ਸੌਖੀ ਹੈ। ਭਾਰਤ ਵਿਚ ਅਸਥਿਰਤਾ ਪੈਦਾ ਕਰਨ ਲਈ ਚੀਨ ਨੇਪਾਲ ਸਰਕਾਰ ਨੂੰ ਪੂਰੀ ਤਰ੍ਹਾਂ ਵਰਤ ਸਕੇਗਾ। ਇਹਨਾਂ ਨਕਸਲਵਾਦੀਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੇ ਨੱਕ ਵਿਚ ਦਮ ਕਰ ਰੱਖਿਆ ਹੈ। ਜੇਕਰ ਇਨ੍ਹਾਂ ਨੂੰ ਚੀਨ ਤੋਂ ਵੀ ਸਹਾਇਤਾ ਮਿਲਣ ਲੱਗ ਪਈ ਤਾਂ ਸਥਿਤੀ ਬਹੁਤ ਜ਼ਿਆਦਾ ਬਦੱਤਰ ਹੋ ਜਾਵੇਗੀ। ਇਸ ਲਈ ਭਾਰਤ ਨੂੰ ਨੇਪਾਲ ਦੇ ਸਬੰਧ ਵਿਚ ਬਿਲਕੁਲ ਅਵੇਸਲਾ ਨਹੀਂ ਹੋਣਾ ਚਾਹੀਦਾ। ਆਪਣੇ ਡਿਪਲੋਮੈਟਿਕ ਨੈਟਵਰਕ ਰਾਹੀਂ ਉਥੇ ਅਜਿਹੀ ਸਰਕਾਰ ਕਾਇਮ ਕਰਵਾਉਣੀ ਚਾਹੀਦੀ ਹੈ, ਜਿਹੜੀ ਕਿ ਭਾਰਤ ਪੱਖੀ ਹੋਵੇ। ਚੀਨ ਪੱਖੀ ਸਰਕਾਰ ਕਦੇ ਭਾਰਤ ਦੀ ਭਲਾਈ ਨਹੀਂ ਚਾਹੇਗੀ।
ਨੇਪਾਲ ਵਿਚ ਬੇਸ਼ੱਕ ਮਾਓਵਾਦੀ ਤਾਕਤਵਰ ਸਥਿਤੀ ਵਿਚ ਹਨ, ਪਰ ਉਥੋਂ ਦਾ ਬਹੁਗਿਣਤੀ ਸਮਾਜ ਅੱਜ ਵੀ ਭਾਰਤ ਦੇ ਜ਼ਿਆਦਾ ਨੇੜੇ ਹੈ। ਉਥੋਂ ਦੀ ਫੌਜ ਵਿਚ ਬਹੁਗਿਣਤੀ ਭਾਰਤ ਪੱਖੀਆਂ ਦੀ ਹੈ ਅਤੇ ਜ਼ਿਆਦਾ ਸੈਨਿਕ ਤਾਂ ਫਿਰ ਦੁਬਾਰਾ ਰਾਜਾਸ਼ਾਹੀ ਦੇ ਵੀ ਚਾਹਵਾਨ ਹਨ। ਚੀਨ ਲਈ ਨੇਪਾਲ ਦੀ ਫੌਜ ਹੀ ਵੱਡਾ ਅੜਿੱਕਾ ਹੈ। ਇਸ ਤੋਂ ਇਲਾਵਾ ਭਾਰਤ ਲਈ ਸਭ ਤੋਂ ਵੱਡੀ ਸਮੱਸਿਆ ਤਾਂ ਨੇਪਾਲੀ ਮਾਓਵਾਦੀਆਂ ਨੂੰ ਸਿੱਧੀ ਮਦਦ ਮੁਹੱਈਆ ਕਰਵਾਉਣ ਲਈ ਤਿੱਬਤ ਦੀ ਸਰਹੱਦ ਨਾਲ ਹੋਣਾ ਹੈ। ਇਸ ਸਮੱਸਿਆ ਦਾ ਭਾਰਤ ਕੋਈ ਹੱਲ ਨਹੀਂ ਕੱਢ ਸਕਦਾ ਪਰ ਉਥੇ ਬਹੁਗਿਣਤੀ ਸਮਾਜ ਨੂੰ ਅੱਗੇ ਕਰਕੇ ਭਾਰਤ ਪੱਖੀ ਸਰਕਾਰ ਜ਼ਰੂਰ ਕਾਇਮ ਕੀਤੀ ਜਾ ਸਕਦੀ ਹੈ।
-ਜਗਜੀਤ ਸਿੰਘ ਦਰਦੀ
Editorial


